ਬਟਾਲਾ : ਗੁਰਦਾਸਪੁਰ ਜਿਲੇ ਵਿੱਚ ਬੁੱਧਵਾਰ ਦੁਪਹਿਰ 3 ਬਦਮਾਸ਼ਾਂ ਨੇ ਇੱਕ ਕੋ ਆਪਰੇਟਿਵ ਬੈਂਕ ਵਿੱਚ ਵੜ ਕੇ 5 ਲੱਖ 55 ਹਜ਼ਾਰ ਰੁਪਏ ਲੁੱਟ ਲਏ। ਦੱਸਿਆ ਜਾ ਰਿਹਾ ਹੈ ਕਿ ਬੈਂਕ ਵਿੱਚ ਆਏ ਦੋ ਨੌਜਵਾਨਾਂ ਨੇ ਇੱਕ ਕਰਮਚਾਰੀ ਦੇ ਨਾਲ ਹੱਥ ਮਿਲਾਇਆ ਅਤੇ ਦੇਖਦੇ ਹੀ ਦੇਖਦੇ ਪਿਸਤੌਲ ਤਾਨ ਲਈ। ਇਸ ਦੌਰਾਨ ਉਨ੍ਹਾਂ ਦਾ ਤੀਸਰਾ ਸਾਥੀ ਬਾਹਰ ਖੜਾ ਸੀ। ਗੋਲੀ ਮਾਰ ਦੇਣ ਦੀ ਧਮਕੀ ਦਿੰਦੇ ਹੋਏ ਬਦਮਾਸ਼ਾਂ ਨੇ ਬੈਂਕ ਵਿੱਚ ਮੌਜੂਦ ਕਰਮਚਾਰੀਆਂ ਨੂੰ ਹਿਲਣ ਜੁਲਣ ਤੋਂ ਮਨਾਂ ਕਰ ਦਿੱਤਾ ਅਤੇ ਉਨ੍ਹਾਂ ਦੇ ਮੋਬਾਈਲ ਫੋਨ ਤੱਕ ਖੋਹ ਲਏ। ਇਸ ਦੇ ਬਾਅਦ ਕੈਸ਼ ਕਾਊਂਟਰ ਤੋਂ ਪੈਸੇ ਇੱਕਠੇ ਕਰਕੇ ਇੱਕ ਕੱਪੜੇ ਵਿੱਚ ਲਪੇਟੇ ਅਤੇ ਚਲਦੇ ਬਣੇ। ਸੂਚਨਾ ਮਿਲਣ ਤੇ ਪੁਲਿਸ ਨੇ ਕੋ ਆਪਰੇਟਿਵ ਬੈਂਕ ਵਿੱਚ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ।ਨਾਲ ਹੀ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਵੀ ਚੈਕ ਕੀਤੀ ਜਾ ਰਹੀ ਹੈ।
ਘਟਨਾ ਗੁਰਦਾਸਪੁਰ ਜਿਲੇ ਦੇ ਕਲਾਨੌਰ ਖੇਤਰ ਵਿੱਚ ਪੈਂਦੇ ਪਿੰਡ ਰੂਲਿਆਣਾ ਦੀ ਹੈ। ਇਸ ਦੌਰਾਨ ਕੋਆਪਰੇਟਿਵ ਬੈਂਕ ਦੇ ਕੈਸ਼ੀਅਰ ਸੁਦਰਸ਼ਨ ਸਿੰਘ ਨੇ ਦੱਸਿਆ ਕਿ ਬਰਾਂਚ ਮੈਨੇਜਰ ਅੱਜ ਛੁੱਟੀ ਤੇ ਸਨ ਤੇ ਉਸ ਦੇ ਇਲਾਵਾ ਇੱਕ ਹੋਰ ਸਾਥੀ ਹੀ ਡਿਊਟੀ ਤੇ ਸੀ। ਕਰੀਬ ਪੌਣੇ 12 ਵਜੇ 2 ਨਕਾਬਪੋਸ਼ ਲੁਟੇਰੇ ਬੈਂਕ ਦੇ ਅੰਦਰ ਵੜੇ। ਇੱਕ ਨੇ ਇੱਕ ਮੁਲਾਜਿ਼ਮ ਦੇ ਨਾਲ ਹੱਥ ਮਿਲਾਇਆ ਅਤੇ ਉਸ ਦੇ ਬਾਅਦ ਉਨ੍ਹਾਂ ਦੋਨਾਂ ਤੇ ਪਿਸਤੌਲ ਤਾਨ ਦਿੱਤੀ।
ਬਦਮਾਸ਼ਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਹਿਲੇ ਤਾਂ ਗੋਲੀ ਮਾਰ ਦੇਣਗੇ। ਫੋਨ ਖੋਹਣ ਦੇ ਇਲਾਵਾ ਦੋਨਾਂ ਨੂੰ ਜ਼ਮੀਨ ਤੇ ਲਿਟਾ ਦਿੱਤਾ।ਇਸ ਦੇ ਬਾਅਦ ਕੈਸ਼ ਕਾਊਂਟਰ ਵਿੱਚ ਵੜ ਕੇ ਕਰੀਬ 10 ਮਿੰਟ ਵਿੱਚ 5 ਲੱਖ 55 ਹਜ਼ਾਰ ਰੁਪਏ ਇੱਕਠੇ ਕਰਕੇ ਇੱਕ ਕੱਪੜੇ ਵਿੱਚ ਲਪੇਟੇ ਅਤੇ ਉੱਥੇ ਤੋਂ ਮੋਟਰਸਾਈਕਲਾਂ ‘ਤੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਦਾ ਇੱਕ ਸਾਥੀ ਬਾਹਰ ਹੀ ਖੜਾ ਰਿਹਾ।
ਮੋਬਾਈਲ ਫੋਨ ਨਾ ਹੋਣ ਦੀ ਸਥਿਤੀ ਵਿੱਚ ਬੈਂਕ ਕਰਮੀ ਭੱਜ ਕੇ ਪਿੰਡ ਦੇ ਸਰਪੰਚ ਕੇਵਲ ਸਿੰਘ ਦੇ ਘਰ ਪਹੁੰਚੇ।ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਤਾਂ ਸਰਪੰਚ ਨੇ ਪੁਲਿਸ ਥਾਣਾ ਕਲਾਨੌਰ ਨੂੰ ਸੂਚਿਤ ਕੀਤਾ।ਗੁਰਦਾਸਪੁਰ ਦੇ ਐਸਐਸਪੀ ਰਾਜਿੰਦਰ ਸਿੰਘ, ਡੀਐਸਪੀ ਭਾਰਤ ਭੂਸ਼ਣ ਅਤੇ ਐਸਐਚਓ ਅਮਨਦੀਪ ਸਿੰਘ ਪੁਲਿਸ ਟੀਮ ਦੇ ਨਾਲ ਮੌਕੇ ਤੇ ਪਹੁੰਚੇ।ਐਸਐਸਪੀ ਰਾਜਿੰਦਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੇ ਜ਼ਰੀਏ ਵਾਰਦਾਤ ਦੀ ਬਾਰੀਕੀ ਤੋਂ ਜਾਂਚ ਕਰਕੇ ਲੁਟੇਰਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।
