ਕੁਲਵੰਤ ਸਿੰਘ
ਪਟਿਆਲਾ : ਕੋਰੋਨਾ ਵਾਇਰਸ ਦੇ ਭੈਅ ਕਾਰਨ ਇੰਨੀ ਦਿਨੀ ਪੰਜਾਬ ਭਰ ਵਿੱਚ ਕਰਫਿਊ ਲਾਗੂ ਹੈ ਤੇ ਪ੍ਰਸ਼ਾਸ਼ਨ ਦੀ ਹਰ ਕੋਸਿ਼ਸ਼ ਹੈ ਕਿ ਜਨਤਾ ਘਰਾਂ ‘ਚੋਂ ਬਾਹਰ ਨਾ ਨਿਕਲੇਿ, ਇਸ ਕੋਸਿ਼ਸ਼ ਤਹਿਤ ਜਿੱਥੇ ਸਰਕਾਰ ਦੇ ਹੁਕਮਾਂ ਤੇ ਪ੍ਰਸ਼ਾਸ਼ਨ ਜਨਤਾ ਨੂੰ ਵੱਖ ਵੱਖ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ, ਉੱਥੇ ਦੂਜੇ ਪਾਸੇ ਹਰ ਰੋਜ਼ ਸੈਂਕੜੇ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਹਨ, ਜਿਸ ਵਿੱਚ ਕਰਫਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਸ਼ਰੇਆਮ ਸੜਕਾਂ ਤੇ ਢਾਹ ਢਾਹ ਕੇ ਥੱਪੜ, ਮੁੱਕੇ, ਚਾਂਟਿਆਂ ਤੇ ਡਾਂਗਾਂ ਨਾਲ ਕੁੱਟਿਆ ਜਾ ਰਿਹੈ, ਉਨ੍ਹਾਂ ਨੂੰ ਧਰਤੀ ਤੇ ਹੱਥਾਂ ਤੇ ਗੋਡਿਆਂ ਦੇ ਭਾਰ ਕੀੜਿਆਂ ਵਾਂਗ ਜ਼ਬਰਦਸਤੀ ਡੰਡੇ ਦੇ ਜ਼ੋਰ ਤੇ ਤੁਰਵਾਇਆ ਜਾ ਰਿਹਾ ਹੈ, ਮੁਰਗੇ ਬਣਾਏ ਜਾ ਰਹੇ ਨੇ, ਉਨ੍ਹਾਂ ਤੋਂ ਛਿਪਕਲੀ ਵਾਂਗ ਢਿੱਡ ਦੇ ਭਾਰ ਤੁਰਵਾਇਆ ਜਾ ਰਿਹਾ ਹੈ ਤੇ ਉਤੋਂ ਡਾਂਗਾਂ ਮਾਰਦੇ ਹੋਏ ਗੰਦੀਆਂ ਗਾਲ੍ਹਾਂ ਕੱਢਦਿਆਂ ਇਸ ਹੱਦ ਤੱਕ ਜ਼ਲੀਲ ਕਰਦਿਆਂ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਜਾ ਰਹੀਆਂ ਨੇ, ਕਿ ਕੋਈ ਆਮ ਸ਼ਰੀਫ਼ ਬੰਦਾ ਸ਼ਾਇਦ ਇਹ ਬੇਇੱਜ਼ਤੀ ਸਹਾਰ ਨਾ ਸਕੇ, ਕਿਉਂਕਿ ਵਾਇਰਲ ਹੋਈਆਂ ਵੀਡੀਓ ਸਦੀਵੀ ਤੌਰ ਤੇ ਸ਼ੋਸ਼ਲ ਮੀਡੀਆ ਤੇ ਘੁੰਮਦੇ ਰਹਿ ਕੇ ਉਨ੍ਹਾਂ ਦੀ ਬੇਇੱਜ਼ਤੀ ਦਾ ਕਾਰਨ ਬਣਦੀਆਂ ਰਹਿਣਗੀਆਂ।ਇਹ ਸਭ ਵਰਤਾਰਾ ਦੇਖ ਕੇ ਸਵਾਲ ਇਹ ਉੱਠਦਾ ਹੈ ਕਿ ਆਖਰ ਪੁਲਿਸ ਨੂੰ ਮਨੁੱਖੀ ਅਧਿਕਾਰਾਂ ਦਾ ਇੰਝ ਘਾਣ ਕਰਨ ਦੀ ਇਜ਼ਾਜ਼ਤ ਕਿਹੜਾ ਕਾਨੂੰਨ ਦਿੰਦਾ ਹੈ।ਇਹ ਸਵਾਲ ਅੱਜ ਹਰ ਕਿਸੇ ਦੇ ਮਨ ਵਿੱਚ ਉੱਠ ਤਾਂ ਰਿਹਾ ਹੈ ਪਰ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਇਸ ਦਾ ਜਵਾਬ ਕਿੱਥੋਂ ਤੇ ਕਿੰਝ ਲੱਭਣ ਕਿਉਂਕਿ ਜਿ਼ਆਦਾਤਰ ਜਨਤਾ ਅਜਿਹੇ ਲੋਕਾਂ ਨੂੰ ਡਾਂਗਾਂ ਪੈਦਿਆਂ ਦੀਆਂ ਵੀਡੀਓ ਦੇਖ ਘਰਾਂ ‘ਚ ਬੈਠੀ ਨਜ਼ਾਰੇ ਲੈਂਦੀ ਆਪਣਾ ਆਪਣਾ ਗਿਆਨ ਝਾੜ ਰਹੀ ਹੈ।ਇਹ ਭੁੱਲ ਕੇ ਕਿ ਰਾਸ਼ਨ ਸਿਰਫ ਉਨ੍ਹਾਂ ਦੇ ਘਰਾਂ ਦੇ ਪੀਪਿਆਂ ਵਿੱਚ ਹੀ ਭਰਿਆ ਹੋਇਆ ਹੈ, ਉਨ੍ਹਾਂ ਗਰੀਬ ਅਤੇ ਦਿਹਾੜੀਦਾਰ ਲੋਕਾਂ ਦੇ ਨਹੀਂ ਜਿਹੜੇ ਭੁੱਖ ਨਾਲ ਵਿਲਕਦੇ ਆਪਣੇ ਜਵਾਕਾਂ, ਬਜ਼ੁਰਗਾਂ ਜਾਂ ਬੀਮਾਰਾਂ ਲਈ ਕੁਝ ਖਾਣ ਜਾਂ ਦਵਾਈਆਂ ਦਾ ਇੰਤਜ਼ਾਮ ਕਰਨ ਬਾਹਰ ਨਿਕਲੇ ਨੇ।ਸਵਾਲ ਇਹ ਪੈਦਾ ਹੁੰਦਾ ਕਿ ਪੁਲਿਸ ਨੂੰ ਕਿਹੜੇ ਕਾਨੂੰਨ ਨੇ ਹਿਹ ਅਧਿਕਾਰ ਦਿੱਤੇ ਨੇ ਕਿ ਉਹ ਅਜਿਹੇ ਨਿਹੱਥੇ ਲੋਕਾਂ ਨੂੰ ਇੰਝ ਜ਼ਲੀਲ ਕਰਨ ਜਿਵੇਂ ਦਾ ਜਿ਼ਕਰ ਆਪਾਂ ਕੀਤਾ ਹੈ।ਇਨ੍ਹਾਂ ਕੁਝ ਸਵਾਲਾਂ ਦੇ ਜਵਾਬ ਲੱਭਣ ਲਈ ਅਸੀਂ ਨਾ ਸਿਰਫ ਕੁਝ ਕਾਨੂੰਨ ਦੀਆਂ ਕਿਤਾਬਾਂ ਫਰੋਲੀਆਂ ਬਲਕਿ ਕਾਨੂੰਨੀ ਮਾਹਿਰਾਂ ਨਾਲ ਗੱਲਬਾਤ ਵੀ ਕੀਤੀ ਤੇ ਉਨ੍ਹਾਂ ਪੀੜਿਤਾਂ ਦੇ ਦਰਦ ਨੂੰ ਸਮਝਣ ਦਾ ਯਤਨ ਕੀਤਾ ਜਿਹੜੇ ਪੁਿਲਿਸ ਦੀ ਮਾਰ ਖਾ ਕੇ ਜਾਂ ਤਾਂ ਹਸਪਤਾਲਾਂ ‘ਚ ਪਏ ਨੇ ਜਾਂ ਫੇਰ ਘਰਾਂ ‘ਚ ਪਏ ਤੜਫ ਰਹੇ ਨੇ ਤੇ ਉਨ੍ਹਾਂ ਨੂੰ ਬਾਹਰ ਕਰਫਿਊ ਲੱਗੇ ਹੋਣ ਕਾਰਨ ਪਿੰਡਿਆਂ ਨੂੰ ਸੇਕ ਦੇਣ ਦੇ ਇਲਾਵਾ ਹੋਰ ਕੋਈ ਦਵਾਈ ਵੀ ਨਹੀਂ ਮਿਲ ਰਹੀ ਤੇ ਦੋਸਤੋ ਯਕੀਨ ਮੰਨਿਓ ਜਦੋਂ ਅਸੀਂ ਕਰਫਿਊ ਦੇ ਹੁਕਮਾਂ ਦੀ ਪੁਲਿਸ ਵੱਲੋਂ ਕਾਨੂੰਨ ਅਨੁਸਾਰ ਪਾਲਣਾ ਕਰਵਾਉਣ ਵਾਲੀ ਡਿਊਟੀ ਮੁਤੱਲਕ ਘੋਖ ਕੀਤੀ ਤਾਂ ਜਿਹੜੇ ਤੱਥ ਨਿਕਲ ਕੇ ਸਾਹਮਣੇ ਆਏ ਤਾਂ ਉਹ ਕਹਿੰਦੇ ਨੇ ਕਿ ਅਜਿਹੇ ਜ਼ੁਲਮ ਢਾਹੁਣ ਵਾਲੇ ਪੁਲਿਸ ਵਾਲਿਆਂ ਨੂੰ ਨਾ ਸਿਰਫ ਨੌਕਰੀਆਂ ਤੋਂ ਕੱਢ ਦਿੱਤਾ ਜਾਵੇ ਬਲਕਿ ਉਨ੍ਹਾਂ ਤੇ ਪਰਚੇ ਦਰਜ ਕਰਕੇ ਜ਼ੇਲ੍ਹਾਂ ਵਿੱਚ ਤੁੰਨ ਦਿੱਤਾ ਜਾਵੇ।
ਏਸ ਸੰਬੰਧ ਵਿੱਚ ਅਸੀਂ ਸੀਬੀਆਈ ਦੇ ਪ੍ਰਸਿੱਧ ਸੀਨੀਅਰ ਵਕੀਲ ਤੇ ਸਿਰਸੇ ਵਾਲੇ ਸਾਧ ਰਾਮ ਰਹੀਮ ਨੂੰ ਸਜ਼ਾ ਦਿਵਾਉਣ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਐਡਵੋਕੇਟ ਐਚਪੀਐਸ ਵਰਮਾ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਨੂੰ ਪੁੱਛਿਆ ਕਿ ਕਰਫਿਊ ਦੀ ਪਰਿਭਾਸ਼ਾ ਕੀ ਹੈ ਤੇ ਪੁਲਿਸ ਨੇ ਲੋਕਾਂ ਕੋਲੋਂ ਕਰਫਿਊ ਦੇ ਹੁਕਮਾਂ ਦੀ ਪਾਲਣਾ ਕਿਵੇਂ ਤੇ ਕਿਹੜੇ ਢੰਗ ਨਾਲ ਕਰਵਾਉਣੀ ਹੈ ਤੇ ਜੇਕਰ ਕੋਈ ਉਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਨ੍ਹਾਂ ਉਲੰਘਣਾ ਕਰਨ ਵਾਲੇ ਲੋਕਾਂ ਲਈ ਸਜ਼ਾ ਦੀ ਕੀ ਸਿਫਾਰਸ਼ ਕੀਤੀ ਗਈ ਹੈ ਤਾਂ ਉਨ੍ਹਾਂ ਨੇ ਦੱਸਿਆ ਕਿ ਕਰਫਿਊ ਸੀਆਰਪੀਸੀ ਦੀ ਧਾਰਾ 144 ਤਹਿਤ ਡੀਸੀ ਯਾਨੀ ਜਿ਼ਲ੍ਹਾ ਮੈਜਿਸਟਰੇਟ ਨੂੰ ਮਿਅਆਂ ਕਾਨੂੰਨੀ ਸ਼ਕਤੀਆਂ ਤਹਿਤ ਡੀਸੀ ਵੱਲੋਂ ਉਨ੍ਹਾਂ ਹਾਲਾਤਾਂ ਵਿੱਚ ਲਾਇਆ ਜਾਂਦਾ ਹੈ ਜਦੋਂ ਡੀਸੀ ਇਹ ਮਹਿਸੂਸ ਕਰੇ ਕਿ ਜਿਸ ਇਲਾਕੇ ਵਿੱਚ ਕਰਫਿਊ ਲਾਉਣਾ ਹੈ ਉਸ ਇਲਾਕੇ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਹਾਲਤ ਵਿਗੜ ਗਈ ਹੈ।ਜਨਤਕ ਅਤੇ ਸਰਕਾਰੀ ਜਾਇਦਾਦਾਂ ਨੂੰ ਨੁਕਸਾਨ ਹੋਣ ਦੇ ਨਾਲ ਨਾਲ ਆਮ ਲੋਕਾਂ ਅਤੇ ਸਰਕਾਰੀ ਮੁਲਾਜ਼ਮਾਂ (ਸਮੇਤ ਪੁਲਿਸ ਵਾਲੇ ) ਦੀ ਜਾਨ ਨੂੰ ਕਾਨੂੰਨ ਵਿਵਸਥਾ ਦੀ ਹਾਲਤ ਖਰਾਬ ਕਰਨ ਵਾਲੇ ਲੋਕਾਂ ਤੋਂ ਖਤਰਾ ਹੈ।
ਇਨ੍ਹਾਂ ਹੁਕਮਾਂ ਦੇ ਲਾਗੂ ਹੋਣ ਤੋਂ ਬਾਅਦ ਪੁਲਿਸ ਸਾਰੇ ਪਾਸੇ ਨਾਕਾਬੰਦੀਆਂ ਕਰ ਦਿੰਦੀ ਹੈ ਜਿਸ ਇਲਾਕੇ ਵਿੱਚ ਕਰਫਿਊ ਲਾਇਆ ਜਾਂਦਾ ਹੈ, ਉਸ ਇਲਾਕੇ ਵਿੱਚ ਪੁਲਿਸ ਦੀਆਂ ਗੱਡੀਆਂ ਲਗਾਤਾਰ ਗਸ਼ਤ ਕਰਦੀਆਂ ਹੋਈਆਂ ਘਰੋਂ ਬਾਹਰ ਨਾ ਨਿਕਲਣ ਦੀਆਂ ਚਿਤਾਵਨੀਆਂ ਜ਼ਾਰੀ ਕਰਦੀਆਂ ਹਨ ਤੇ ਜੇਕਰ ਇਸ ਦੇ ਬਾਵਜੂਦ ਵੀ ਕੋਈ ਬਾਹਰ ਨਿਕਲਦਾ ਹੈ ਤਾਂ ਪਹਿਲਾਂ ਉਸ ਦੀ ਪੁੱਛ ਪੜਤਾਲ ਕੀਤੀ ਜਾਂਦੀ ਹੈ ਕਿ ਉਹ ਕਿਉਂ ਬਾਹਰ ਆਇਆ ਹੈ ਤੇ ਜੇਕਰ ਪੜਤਾਲੀਆਂ ਅਧਿਕਾਰੀ ਦੀ ਕਰਫਿਊ ਦੀ ਉਲੰਘਣਾ ਕਰਨ ਵਾਲਾ ਵਿਅਕਤੀ ਤਸੱਲੀ ਨਹੀਂ ਕਰਵਾ ਪਾਉਂਦਾ ਤਾਂ ਉਸ ਤੇ ਕਾਨੂੰਨ ਦੀ ਧਾਰਾ 188 ਦੇ ਤਹਿਤ ਪਰਚਾ ਦਰਜ ਕਰਕੇ ਸੰਬੰਧਤ ਕਸੂਰਵਾਰ ਨੂੰ ਜ਼ੇਲ੍ਹ ਭੇਜ ਦਿੱਤਾ ਜਾਂਦਾ ਹੈ।ਇਸ ਤੋਂ ਵੱਧ ਕਾਨੂੰਨ ਦੀ ਕਿਤਾਬ ਵਿੱਚ ਹੋਰ ਕਿਸੇ ਕਿਸਮ ਦੀਆਂ ਸ਼ਕਤੀਆਂ ਪੁਲਿਸ ਨੂੰ ਨਹੀਂ ਦਿੱਤੀਆਂ ਗਈਆਂ।ਐਚਪੀਐਸ ਵਰਮਾ ਕਹਿੰਦੇ ਹਨ ਕਿ ਪੁਲਿਸ ਵਾਲੇ ਜਿਸ ਢੰਗ ਨਾਲ ਲੋਕਾਂ ਨੂੰ ਕੁੱਟ ਰਹੇ ਹਨ ਜ਼ੁਲਮ ਕਰ ਰਹੇ ਹਨ ਇੰਝ ਉਹ ਕਾਨੂੰਨ ਅਨੁਸਾਰ ਆਪ ਸਜ਼ਾ ਦੇ ਭਾਗੀਦਾਰ ਬਣਦੇ ਜਾ ਰਹੇ ਹਨ।ਕਿਉਂਕਿ ਕਿਸੇ ਨੂੰ ਕੁੱਟਣਾ ਭਾਰਤੀ ਕਾਨੂੰਨ ਦੀਆਂ ਕੁੱਲ 511 ਧਾਰਾਵਾਂ ਵਿੱਚੋਂ ਕਿਸੇ ਇੱਕ ਅੰਦਰ ਵੀ ਜਾਇਜ਼ ਨਹੀਂ ਠਹਿਰਾਇਆ ਗਿਆ।ਵਰਮਾ ਅਨੁਸਾਰ ਇੱਥੋਂ ਤੱਕ ਕਿ ਕਿਸੇ ਕਤਲ ਕੇਸ ਦੇ ਮੁਲਜ਼ਮ ਨੂੰ ਵੀ ਕੁੱਟਿਆ ਮਾਰਿਆ ਨਹੀਂ ਜਾ ਸਕਦਾ, ਇਹ ਤਾਂ ਫੇਰ ਜ਼ਰੂਰਤ ਦੇ ਮਾਰੇ ਆਪੋ ਆਪਣੇ ਘਰਾਂ ‘ਚੋਂ ਬਾਹਰ ਆਏ ਹਨ।
ਇਹ ਤਾਂ ਸੀ ਉਹ ਗੱਲ ਕਿ ਪੁਲਿਸ ਨੇ ਕਰਫਿਊ ਦੀ ਪਾਲਣਾ ਕਿਵੇਂ ਕਰਾਉਣੀ ਐ, ਹੁਣ ਅਸੀਂ ਤੁਹਾਨੂੰ ਦੱਸਦੇ ਆਂ ਕਿ ਪੁਲਿਸ ਆਮ ਜਨਤਾ ਦੇ ਡੰਡਾ ਕਿਨ੍ਹਾਂ ਹਾਲਾਤਾਂ ਵਿੱਚ ਚਲਾ ਸਕਦੀ ਹੈ।ਸਾਥੀਓ ਆਪਾਂ ਧਰਨੇ ਮੁਜਾਹਿਰਿਆਂ ਵਿੱਚ ਪੁਲਿਸ ਨੂੰ ਭੀੜ ਉੱਤੇ ਆਮ ਤੌਰ ਤੇ ਲਾਠੀਚਾਰਜ ਕਰਦਿਆਂ ਦੇਖਿਆ ਹੋਵੇਗਾ ਤੇ ਜਿਹੜਾ ਸਵਾਲ ਲੋਕਾਂ ਉੱਤੇ ਪੁਲਿਸ ਵੱਲੋਂ ਡਾਂਗਾਂ ਚਲਾਉਣ ਦਾ ਅਸੀਂ ਉੱਪਰ ਚੁੱਕਿਆ ਹੈ ਫੇਰ ਤਾਂ ਉਹ ਲਾਠੀਚਾਰਜ ਤੇ ਵੀ ਲਾਗੂ ਹੁੰਦਾ ਹੈ ਫੇਰ ਅਜਿਹੇ ਵਿੱਚ ਨਿੱਤ ਦਿਹਾੜੇ ਸੜਕਾਂ ਤੇ ਡਾਂਗਾਂ ਖਾਣ ਤੋਂ ਬਾਅਦ ਆਪਣੀਆਂ ਜਾਨਾਂ ਗਵਾਉਣ ਦੇ ਬਾਵਜੂਦ ਪੁਲਿਸ ਤੇ ਕੋਈ ਕੇਸ ਕਿਉ਼ ਨੀਂ ਬਣਦਾ।ਏਸ ਨੂੰ ਸਮਝਣ ਲਈ ਆਪਾਂ ਨੂੰ ਲਾਠੀਚਾਰਜ ਦੇ ਨਿਯਮ ਨੂੰ ਸਮਝਣਾ ਚਾਹੀਦਾ ਹੈ।ਪੁਲਿਸ ਕਾਨੂੰਨ ਅਨੁਸਾਰ ਲਾਠੀਚਾਰਜ ਕੁਝ ਖਾਸ ਹਾਲਾਤਾਂ ਵਿੱਚ ਹੀ ਕਰ ਸਕਦੀ ਹੈ।ਉਹ ਹਾਲਾਤ ਜਦੋਂ ਪੁਲਿਸ ਕਿਸੇ ਖਾਸ ਮਕਸਦ ਲਈ ਅੱਗੇ ਵੱਧ ਰਹੀ ਭੀੜ ਨੂੰ ਰੋਕ ਰਹੀ ਹੋਵੇ ਤੇ ਭੀੜ ਹਿੰਸਾ ਤੇ ਉਤਾਰੂ ਹੋ ਜਾਵੇ ਜਾਂ ਸਰਕਾਰੀ ਤੇ ਜਨਤਕ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ ਨਾਲ ਪੁਲਿਸ ਉੱਤੇ ਵੀ ਹਮਲਾ ਕਰ ਦੇਵੇ।ਅਜਿਹੇ ਹਾਲਾਤਾਂ ਨਾਲ ਨਿਬੜਨ ਲਈ ਪ੍ਰਸ਼ਾਸ਼ਨ ਵੱਲੋਂ ਪੁਲਿਸ ਦੇ ਨਾਲ ਪਹਿਲਾਂ ਹੀ ਇੱਕ ਡਿਊਟੀ ਮੈਜਿਸਟਰੇਟ ਲਾਇਆ ਜਾਂਦਾ ਹੈ ਜਿਹੜਾ ਇਹ ਤੈਅ ਕਰਦਾ ਹੈ ਕਿ ਅੱਗੇ ਵੱਧ ਰਹੀ ਭੀੜ ਵਾਕਿਆ ਹੀ ਇਸ ਹੱਦ ਤੱਕ ਖਤਰਨਾਕ ਹੋ ਸਕਦੀ ਹੈ ਕਿ ਉਹ ਜਨਤਕ ਅਤੇ ਸਰਕਾਰੀ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ ਨਾਲ ਪੁਲਿਸ ਅਤੇ ਆਮ ਜਨ ਮਾਨਸ ਦੀ ਜਾਨ ਲਈ ਵੀ ਖਤਰਾ ਹੈ ਤਾਂ ਪੁਲਿਸ ਦੇ ਨਾਲ ਖੜਾ ਉਹ ਡਿਊਟੀ ਮੈਜਿਸਟਰੇਟ ਮੌਕੇ ਤੇ ਹੀ ਪੁਲਿਸ ਨੂੰ ਲਿਖਤੀ ਤੌਰ ਤੇ ਹੁਕਮ ਦਿੰਦਾ ਹੈ ਕਿ ਇਸ ਭੀੜ ਨੂੰ ਲਾਠੀਚਾਰਜ ਕਰਕੇ ਤਿੱਤਰ ਬਿੱਤਰ ਕਰ ਦੇਵੇ ਤੇ ਉਸ ਦੌਰਾਨ ਵੀ ਪੁਲਿਸ ਦਾ ਮਕਸਦ ਉਸ ਭੀੜ ਨੂੰ ਮੌਕੇ ਤੋਂ ਭਜਾਉਣਾ ਹੁੰਦਾ ਹੈ ਨਾ ਕਿ ਉਨ੍ਹਾ ਨੂੰ ਵੱਧ ਤੋਂ ਵੱਧ ਡਾਂਗਾਂ ਮਾਰ ਕੇ ਜ਼ਲੀਲ ਕਰਨਾ ਤੇ ਉਨ੍ਹਾਂ ਦੀ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ ਤੇ ਅਪਲੋਡ ਕਰਨਾ।
ਦੋਸਤੋ ਜਦੋਂ ਕਾਨੂੰਨ ਦੀ ਕਿਤਾਬ ਇਹ ਸਪੱਸ਼ਟ ਤੌਰ ਤੇ ਕਹਿੰਦੀ ਹੈ ਕਿ ਜੇਕਰ ਪੁਲਿਸ ਨੇ ਕਿਸੇ ਨੂੰ ਡੰਡਾ ਮਾਰਨਾ ਵੀ ਹੈ ਤਾਂ ਉਸ ਲਈ ਵੀ ਉਨ੍ਹਾਂ ਨੂੰ ਡਿਊਟੀ ਮੈਜਿਸਟਰੇਟ ਤੋਂ ਹੁਕਮ ਲੈਣੇ ਪੈਣਗੇ ਤਾਂ ਫੇਰ ਅੱਜ ਪੰਜਾਬ ਦੀਆਂ ਸੜਕਾਂ ਉੱਤੇ ਥਾਂ ਥਾਂ ਪੁਲਿਸ ਵੱਲੋਂ ਆਮ ਲੋਕਾਂ ਨੂੰ ਡਾਂਗਾਂ ਨਾਲ ਕੁੱਟ ਕੁੱਟ ਜ਼ਲੀਲ ਕਰਕੇ ਉਨ੍ਹਾਂ ਦੀਆਂ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ ਤੇ ਪਾਉਣ ਦਾ ਹੱਕ ਕਿਹੜੇ ਕਾਨੂੰਨ ਨੇ ਦੇ ਦਿੱਤਾ।ਕੀ ਇਹ ਪੁਲਿਸ ਵਾਲੇ ਸਜ਼ਾ ਦੇ ਭਾਗੀਦਾਰ ਨਹੀਂ ਹਨ, ਕੀ ਇਹ ਆਮ ਲੋਕਾਂ ਵਿੱਚ ਦਹਿਸ਼ਤ ਦਾ ਕਾਰਨ ਨਹੀਂ ਬਣ ਗਏ ? 80 ਦੇ ਦਹਾਕੇ ਤੋਂ ਬਾਅਦ ਅੱਤਵਾਦ ਦੇ ਨਾਂ ਤੇ ਪੰਜਾਬ ਅੰਦਰ ਪੁਲਿਸ ਦੀ ਜੋ ਦਹਿਸ਼ਤ ਪਈ ਸੀ ਉਹ ਦਾਗ ਉਹ ਪੁਲਿਸ ਵਾਲੇ ਚਾਹ ਕੇ ਅੱਜ ਵੀ ਨਹੀਂ ਧੋ ਪਾਏ, ਜਿਹੜੇ ਆਪਣੀਆਂ ਡਿਊਟੀਆਂ ਇਮਾਨਦਾਰੀ ਤੇ ਕਾਨੂੰਨ ਅਨੁਸਾਰ ਕਰਦੇ ਆ ਰਹੇ ਹਨ।ਨਵੀਂ ਭਰਤੀ ਤੋਂ ਬਾਅਦ ਪੰਜਾਬ ਦੇ ਲੋਕਾਂ ਅੰਦਰ ਇਹ ਸੋਚ ਆਈ ਸੀ ਕਿ ਚੱਲੋ ਹੁਣ ਸ਼ਾਇਦ ਪੁਲਿਸ ਦੇ ਸੁਭਾਅ ਅੰਦਰ ਕੁਝ ਤਬਦੀਲੀ ਆ ਗਈ ਹੋਵੇਗੀ ਪਰ ਉਹ ਤਬਦੀਲੀ ਸ਼ਾਇਦ ਉਨ੍ਹਾਂ ਪੁਲਿਸ ਵਾਲਿਆਂ ਵੱਲੋਂ ਆਮ ਦਿਨਾਂ ਵਿੱਚ ਪਾਏ ਗਏ ਸ਼ਰਾਫਤ ਦੇ ਮੁਖੌਟੇ ਪਿੱਛੇ ਜਿਹੜੇ ਕਰਫਿਊ ਦੌਰਾਨ ਅੱਜ ਕੱਲ ਉਹ ਮੁਖੋਟਾ ਲਾਹ ਕੇ ਆਮ ਲੋਕਾਂ ਤੇ ਜ਼ੁਲਮ ਦੀ ਇੰਤਜਾਹ ਪਾਰ ਕਰਦੇ ਜਾ ਰਹੇ ਹਨ।
ਦੋਸਤੋ ਅਸੀਂ ਇੱਥੇ ਸਾਫ ਕਰ ਦਈਏ ਕਿ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਫੈਲਣੋਂ ਰੋਕਣ ਲਈ ਲੋਕਾਂ ਨੂੰ ਘਰਾਂ ‘ਚ ਬੰਦ ਰਹਿਣ ਲਈ ਲਾਏ ਗਏ ਕਰਫਿਊ ਦੇ ਹੁਕਮਾਂ ਦੇ ਖਿਲਾਫ ਨਹੀਂ ਹਨ ਤੇ ਅਸੀਂ ਉਨ੍ਹਾਂ ਲੋਕਾਂ ਦੀ ਵੀ ਮੁਖਾਲਫਤ ਕਰਦੇ ਹਾਂ ਜਿਹੜੇ ਲੋਕ ਕਰਫਿਊ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਨੇ ਪਰ ਇਸ ਦੇ ਨਾਲ ਹੀ ਇੱਕ ਸੱਚਾਈ ਇਹ ਵੀ ਹੈ ਕਿ ਜਿੱਥੇ ਜ਼ਰੂਰਤ ਹੈ ਉੱਥੇ ਸਰਕਾਰ ਅਤੇ ਜਿ਼ਲ੍ਹਾ ਪ੍ਰਸ਼ਾਸ਼ਨ ਖੁਦ ਪਾਸ ਬਣਾ ਕੇ ਦੇ ਰਹੀ ਹੈ ਤਾਂ ਕਿ ਲੋਕ ਆਪਣੇ ਜ਼ਰੂਰੀ ਕੰਮ ਨਿਪਟਾ ਸਕਣ।ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਕਰਫਿਊ ਦੀ ਉਲੰਘਣਾ ਕਰ ਰਹੇ 10 ਵਿੱਚੋਂ 8 ਬੰਦੇ ਅਜਿਹੇ ਵੀ ਹਨ ਜਿਹੜੇ ਜੇਕਰ ਘਰਾਂ ‘ਚੋਂ ਬਾਹਰ ਨਾ ਨਿਕਲਣ ਤਾਂ ਵੀ ਉਨ੍ਹਾਂ ਦਾ ਸਰ ਸਕਦਾ ਹੈ ਪਰ ਮਿੱਤਰੋ ਉਨ੍ਹਾਂ ਦੋ ਦਾ ਕੀ ਕਸੂਰ ਜਿਨ੍ਹਾਂ ਕੋਲ ਘਰੋਂ ਬਾਹਰ ਨਿਕਲਣ ਤੋਂ ਇਲਾਵਾ ਹੋਰ ਕੋਈ ਚਾਰਾ ਹੀ ਨਹੀਂ ਬਚਦਾ ਤੇ ਇਹ ਜਿ਼ਆਦਾਤਰ ਉਹ ਅਨਪੜ ਦਿਹਾੜੀਦਾਰ ਤੇ ਰੋਜ਼ ਕਮਾ ਕੇ ਖਾਣ ਵਾਲੇ ਹਨ ਜਿਨ੍ਹਾਂ ਦੇ ਘਰ ਕੋਈ ਬਜ਼ੁਰਗ ਹੈ ਕੋਈ ਬੀਮਾਰ ਹੈ, ਕੋਈ ਭੁੱਖਾ ਹੈ ਤੇ ਕਿਸੇ ਦੇ ਬੱਚੇ ਦੁੱਧ ਲਈ ਤੜਫ ਰਹੇ ਹਨ।ਅਜਿਹੇ ਲੋਕਾਂ ਨੂੰ ਵੀ ਜੇਕਰ ਪੁਲਿਸ ਸੜਕਾਂ ਤੇ ਕੀੜਿਆਂ ਵਾਂਗ ਹੱਥਾਂ ਤੇ ਗੋਢਿਆਂ ਦੇ ਭਾਰ ਤੁਰਵਾਏਗੀ, ਮੁਰਗੇ ਬਣਾਵੇਗੀ, ਛਿਪਕਲੀਆਂ ਵਾਂਗ ਢਿੱਡ ਦੇ ਭਾਰ ਤੁਰਵਾਏਗੀ, ਮਾਵਾਂ ਭੈਣਾਂ ਦੀਆਂ ਗੰਦੀਆਂ ਗੰਦੀਆਂ ਗਾਲ੍ਹਾਂ ਕੱਢ ਕੇ ਡਾਂਗਾਂ ਮਾਰਦਿਆਂ ਹੋਇਆਂ ਸੜਕਾਂ ਤੇ ਸ਼ਰੇਆਮ ਅਜਿਹੀਆਂ ਸਜ਼ਾਵਾਂ ਦਿੰਦਿਆਂ ਦੀ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ ਤੇ ਵਾਇਰਲ ਕਰ ਦੇਵੇਗੀ ਤਾਂ ਫੇਰ ਦੱਸੋ ਕੀ ਇਹ ਸਮਾਜ ਉਨ੍ਹਾਂ ਦੇ ਰਹਿਣ ਲਾਇਕ ਹੈ। ਆਪਾਂ ਉਨ੍ਹਾਂ ਲਈ ਕਿਹੋ ਜਿਹੇ ਸਮਾਜ ਦੀ ਸਿਰਜਣਾ ਕਰ ਰਹੇ ਹਾਂ ? ਕੌਦ ਜਿੰਮੇਵਾਰ ਹੋਵੇਗਾ ਜੇਕਰ ਅਣਖ ਦਾ ਮਾਰਿਆ ਕੋਈ ਬੇਇੱਜ਼ਤੀ ਨਾ ਸਹਾਰਦੇ ਹੋਏ ਅਜਿਹਾ ਬੰਦਾ ਪ੍ਰਾਣ ਤਿਆਗ ਗਿਆ ? ਕੀ ਸਰਕਾਰ ਅਜਿਹੇ ਵਿੱਚ ਆਪਣੇ ਉਨ੍ਹਾਂ ਪੁਲਿਸ ਵਾਲਿਆਂ ਦੀ ਜਿ਼ੰਮੇਵਰੀ ਤੈਅ ਕਰੇਗੀ ? ਨਹੀਂ ਮਾਹਿਰਾਂ ਨੂੰ ਨਹੀਂ ਲੱਗਦਾ ਕਿ ਸਰਕਾਰ ਕੋਈ ਜਿ਼ੰਮੇਵਾਰੀ ਤੈਅ ਕਰੇਗੀ ਕਿਉਂਕਿ ਜੇਕਰ ਸਰਕਾਰ ਜਿ਼ੰਮਵਾਰੀਆਂ ਤੈਅ ਕਰਦੀ ਹੁੰਦੀ ਤਾਂ ਅੱਜ ਉਨ੍ਹਾਂ ਪੁਲਿਸ ਅਧਿਕਾਰੀਆਂ ਦੀਆਂ ਸਜ਼ਾਵਾਂ ਮਾਫ ਨਾ ਕਰ ਦਿੱਤੀਆਂ ਜਾਂਦੀਆਂ ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲੇ ਵਿੱਚ ਅੱਤਵਾਦ ਦੇ ਨਾਂ ਤੇ ਬਹੁਤ ਸਾਰੇ ਨੌਜਵਾਨਾਂ ਦਾ ਕਤਲ ਕਰ ਦਿੱਤਾ ਸੀ ਤੇ ਅਦਾਲਤਾਂ ਨੇ 25-25, 26-26 ਸਾਲ ਦੀਆਂ ਸੁਣਵਾਈਆਂ ਤੋਂ ਬਾਅਦ ਉਨ੍ਹਾਂ ਨੂੰ ਸਜਾਵਾਂ ਵੀ ਸੁਣਾ ਦਿੱਤੀਆਂ ਸਨ।

ਅਸੀਂ ਇਹ ਚਰਚਾ ਕੋਈ ਬਿਨਾਂ ਸਬੂਤਾਂ ਤੋਂ ਨਹੀਂ ਛੇੜੀ ਸ਼ੋਸ਼ਲ ਮੀਡੀਆ ਤੇ ਤਾਂ ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਉਹ ਕਿਸੇ ਕੋਲੋਂ ਲੁਕੀਆਂ ਨਹੀਂ ਜਿਨ੍ਹਾਂ ਵਿੱਚ ਪੁਲਿਸ ਆਮ ਲੋਕਾਂ ਨੂੰ ਬੁਰੀ ਤਰ੍ਹਾਂ ਤਸੀਹੇ ਦੇ ਰਹੀ ਹੈ, ਮਾਰ ਰਹੀ ਹੈ।ਪਰ ਕੁਝ ਘਟਨਾਵਾਂ ਅਜਿਹੀਆਂ ਹਨ ਜਿਹੜੀਆਂ ਕਿ ਉਨ੍ਹਾਂ ਪੁਲਿਸ ਵਾਲਿਆਂ ਨੂੰ ਸਜ਼ਾਵਾਂ ਦੁਆਉਣ ਲਈ ਕਾਫੀ ਹਨ ਜਿਨ੍ਹਾਂ ਨੇ ਜ਼ੁਲਮ ਢਾਹੇ ਹਨ।ਅਜਿਹਾ ਹੀ ਇੱਕ ਮਾਮਲਾ ਬਰਨਾਲਾ ਦੇ ਡੀਪੀਆਰਓ ਦਫਤਰ ਵਿੱਚ ਤੈਨਾਤ ਇੱਕ ਮੁਲਾਜ਼ਮ ਸ਼ਵਿੰਦਰ ਸੰਬੰਧੀ ਨਿਕਲ ਕੇ ਸਾਹਮਣੇ ਆਇਆ, ਜਿਹੜਾ ਕਿ ਕਰਫਿਊ ਦੀ ਵਜ੍ਹਾ ਨਾਲ ਲੋਕ ਸੰਪਰਕ ਵਿਭਾਗ ਵਿੱਚ ਕੰਮ ਵੱਧ ਜਾਣ ਕਾਰਨ ਜਦੋਂ ਲੇਟ ਹੋ ਗਿਆ ਤਾਂ ਪੁਲਿਸ ਨੇ ਉਸ ਨੂੰ ਜਾਣਦੇ ਪਛਾਣਦੇ ਹੋਣ ਦੇ ਬਾਵਜੂਦ ਸਾਬਕਾ ਐਮਐਲਏ ਮਲਕੀਤ ਸਿੰਘ ਕੀਤੂ ਦੀ ਕੋਠੀ ਕੋਲ ਢਾਹ ਲਿਆ।ਸ਼ਵਿੰਦਰ ਸਿੰਘ ਦੱਸਦਾ ਹੈ ਕਿ ਉਸ ਨੂੰ ਰੋਕਣ ਵਾਲੇ ਥਾਣਾ ਸਿਟੀ ਬਰਨਾਲਾ ਦੇ ਐਸਐਚਓ ਅਤੇ ਉਸ ਦੇ ਸਾਥੀ ਮੁਲਾਜ਼ਮ ਸਨ ਤੇ ਇਸ ਤੋਂ ਪਹਿਲਾਂ ਕਿ ਉਹ ਆਪਣੇ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਦਿੰਦਾ ਕਿ ਉਹ ਕਿੱਥੋਂ ਆ ਰਿਹਾ ਹੈ, ਉਨ੍ਹਾ ਸਾਰਿਆਂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।ਉਸ ਨੂੰ ਇੰਨਾ ਕੁ ਕੁੱਟਿਆ ਗਿਆ ਕਿ ਸ਼ਵਿੰਦਰ ਦੇ ਦੱਸਣ ਅਨੁਸਾਰ ਉਸ ਦਾ ਅੰਗ ਅੰਗ ਦੁੱਖ ਰਿਹਾ ਸੀ।ਇੰਝ ਜਾਪਦਾ ਸੀ ਜਿਵੇਂ ਉਹ ਲੋਕ ਉਸ ਨਾਲ ਕੋਈ ਪੁਰਾਣੀ ਖੁੰਦਕ ਕੱਢ ਰਹੇ ਹੋਣ।
ਏਸੇ ਤਰ੍ਹਾਂ ਦਾ ਹੀ ਇੱਕ ਹੋਰ ਮਾਮਲਾ ਪਟਿਆਲਾ ਦੇ ਤ੍ਰਿਪੜੀ ਮੇਨ ਬਜ਼ਾਰ ਵਿੱਚ ਦੇਖਣ ਨੂੰ ਮਿਲਿਆ।ਜਿੱਥੇ ਰਣਬੀਰ ਸਿੰਘ ਨਾਮ ਦੇ ਇੱਕ ਪੀਅਨ ਨੂੰ ਉਸ ਵੇਲੇ ਪੁਲਿਸ ਵਾਲਿਆਂ ਨੇ ਘੇਰ ਲਿਆ ਜਦੋਂ ਉਹ ਸਾਈਕਲ ਤੇ ਤ੍ਰਿਪੜੀ ਬਜ਼ਾਰ ਵਿੱਚੋਂ ਲੰਘ ਕੇ ਘਰ ਜਾ ਰਿਹਾ ਸੀ।ਰਣਬੀਰ ਸਿੰਘ ਨੇ ਆਪਣਾ ਕਰਫਿਊ ਪਾਸ ਵਿਖਾਉਣ ਦੀ ਕੋਸਿ਼ਸ਼ ਵੀ ਕੀਤੀ ਪਰ ਉਨ੍ਹਾਂ ਭੁੱਸਰੇ ਹੋਏ ਮੁਲਾਜ਼ਮਾਂ ਨੇ ਉਸ ਦੀ ਇੱਕ ਨਾ ਸੁਣੀ ਤੇ ਉਸ ਦੀਆਂ ਲੱਤਾਂ ਤੇ ਡੰਡੇ ਮਾਰਨੇ ਸ਼ੁਰੂ ਕਰ ਦਿੱਤੇ।ਅੱਖਾਂ ਵਿੱਚ ਹੰਝੂ ਤੇ ਚਿਹਰੇ ਤੇ ਅੰਤਾਂ ਦੇ ਦਰਦ ਵਾਲੇ ਭਾਵ ਲਈ ਰਣਬੀਰ ਸਿੰਘ ਨੇ ਦੱਸਿਆ ਕਿ ਕੁੱਟ ਖਾਣ ਤੋਂ ਬਾਅਦ ਉਸ ਕੋਲੋਂ ਸਾਈਕਲ ਵੀ ਨਹੀਂ ਚਲਾਇਆ ਗਿਆ।ਅੰਮ੍ਰਿਤਸਰ ਤੋਂ ਸਾਹਮਣੇ ਆਏ ਇੱਕ ਹੋਰ ਮਾਮਲੇ ਵਿੱਚ ਇੱਕ ਵਿਅਕਤੀ ਆਪਣੀ ਗਰਭਵਤੀ ਪਤਨੀ ਲਈ ਦਵਾਈ ਲੈਣ ਪਤਨੀ ਸਮੇਤ ਜਾਂਦਾ ਪੁਲਿਸ ਨੇ ਉਸ ਸਮੇਂ ਘੇਰ ਲਿਆ ਜਦੋਂ ਉਹ ਅਜਿਹੇ ਕਿਸੇ ਸਿ਼ਕਾਰ ਦੀ ਭਾਲ ਵਿੱਚ ਘੁੰਮ ਰਹੇ ਸਨ।ਪੁਲਿਸ ਵਾਲਿਆਂ ਨੇ ਉਸ ਬੰਦੇ ਨੂੰ ਉਸ ਦੀ ਪਤਨੀ ਦੀ ਹਾਜ਼ਰੀ ਵਿੱਚ ਹੀ ਡਾਂਗਾਂ ਨਾਲ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਦੀ ਨੱਕ ਦੀ ਹੱਡੀ ਟੁੱਟ ਗਈ ਕਿ ਉਹ ਅੱਜ ਹਸਪਤਾਲ ਵਿੱਚ ਜ਼ੇਰੇ ਇਲਾਜ ਪਿਆ ਹੋਇਆ ਹੈੇ।ਪਟਿਆਲਾ ਦੇ ਬੰਨ੍ਹਾ ਰੋਡ ਤੇ ਪੈਂਦੇ ਗੁਰੂ ਨਾਨਕ ਨਗਰ ਗਲੀ ਨੰਬਰ ਇੱਕ ‘ਚ ਰਹਿਣ ਵਾਲੇ ਗੁਰਪ੍ਰੀਤ ਸਿੰਘ ਅਤੇ ਉਸ ਦੇ ਵੱਡੇ ਭਰਾ ਚਰਨਦੀਪ ਸਿੰਘ ਨੂੰ ਏਸ ਤ੍ਰਿਪੜੀ ਪੁਲਿਸ ਨੇ ਬੀਤੀ ਕੱਲ ਕੋਹਲੀ ਸਵੀਟ ਚੌਂਕ ਵਿੱਚ ਘੇਰ ਕੇ ਬੁਰੀ ਤਰ੍ਹਾਂ ਕੁੱਟਿਆ ਜਦੋਂ ਉਹ ਘਰ ਵਿੱਚ ਆਟਾ ਮੁੱਕ ਜਾਣ ਕਾਰਨ ਆਟੇ ਦੀ ਤਲਾਸ਼ ਵਿੱਚ ਬਜ਼ਾਰ ਆਏ ਸਨ।ਗੁਰਪ੍ਰੀਤ ਦੱਸਦਾ ਹੈ ਕਿ ਪੁਲਿਸ ਦੇ ਸੀਨੀਅਰ ਅਧਿਕਾਰੀ ਤਾਂ ਉਨ੍ਹਾਂ ਨਾਲ ਥੋੜਾ ਜਿਹਾ ਆਰਾਮ ਨਾਲ ਗੰਲ ਕਰ ਰਹੇ ਸਨ ਪਰ ਹੇਠਲੇ ਛੇ ਸੱਤ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਡਾਂਗਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਏਸ ਤੋਂ ਪਹਿਲਾਂ ਕਿ ਉਹ ਕੋਈ ਗੱਲ ਕਰਦੇ ਉਨ੍ਹਾਂ ਪੁਲਿਸ ਵਾਲਿਆਂ ਨੇ ਉਨ੍ਹਾਂ ਦੋਵਾਂ ਭਰਾਵਾਂ ਨੇ ਉਨ੍ਹਾਂ ਦੀ ਪਿੱਠ, ਹੱਥਾਂ, ਲੱਤਾਂ ਆਦਿ ਉੱਤੇ ਦਰਜਨਾਂ ਡਾਂਗਾਂ ਮਾਰ ਦਿੱਤੀਆਂ।ਜਿਸ ਨਾਲ ਉਸ ਦੇ ਹੱਥ ਦਾ ਅੰਗੂਠਾ ਵਿੰਗਾ ਹੋ ਗਿਆ ਹੈ ਤੇ ਸਰੀਰ ਦ ਬਹੁਤ ਸਾਰੇ ਹਿੱਸੇ ਸੁੱਜ ਗਏ ਹਨ।

ਦੋਸਤੋ ਕੀ ਇਹ ਘਟਨਾਵਾਂ ਸੱਭਿਅਕ ਸਮਾਜ ਵਿੱਚ ਰਹਿਣ ਵਾਲੇ ਲੋਕਾਂ ਨਾਲ ਵਾਪਰ ਰਹੀਆਂ ਹਨ।ਬਿਨਾਂ ਸ਼ੱਕ ਮਹਾਂਮਾਰੀ ਬਹੁਤ ਵਡੀ ਐ ਤੇ ਏਸ ਨੂੰ ਰੋਕਣ ਲਈ ਬਹੁਤ ਸਾਰੇ ਉਪਰਾਲੇ ਕਰਨ ਦੀ ਲੋੜ ਵੀ ਹੈ ਪਰ ਕੀ ਇਹ ਮਹਾਂਮਾਰੀ ਇਟਲੀ ਵਰਗੇ ਦੇਸ਼ ਤੋਂ ਵੀ ਵੱਡੀ ਗਈ, ਜੇ ਉੱਥੋਂ ਦੀ ਸਰਕਾਰ ਲੋਕਾਂ ਉੱਤੇ ਵੱਡੇ ਵੱਡੇ ਜ਼ੁਰਮਾਨੇ ਲਗਾ ਕੇ ਉਨ੍ਹਾਂ ਨੂੰ ਘਰਾਂ ਵਿੱਚ ਬੰਦ ਰਹਿਣ ਲਈ ਮਜ਼ਬੂਰ ਕਰ ਸਕਦੀ ਹੈ ਤਾਂ ਇੱਥੋਂ ਦੀ ਸਰਕਾਰ ਕਿਉਂ ਨਹੀਂ।ਸਾਨੂੰ ਪਤਾ ਹੈ ਕਿ ਤੁਸੀਂ ਏਸ ਆਰਟੀਕਲ ਨੂੰ ਪੜ ਕੇ ਬਹੁਤ ਪੱਖਾਂ ਤੋਂ ਨਿੰਦਾ ਵੀ ਕਰੋਗੇ ਪਰ ਦੱਸ ਦਈਏ ਕਿ ਉਹ ਨਿੰਦਾ ਉਹ ਦਰਦ ਨੂੰ ਨਹੀਂ ਲੁਕਾ ਸਕਦੀ, ਜਿਹੜਾ ਦਰਦ ਅੱਜ ਪੁਲਿਸ ਦੀ ਮਾਰ ਆਪਣੇ ਪਿੰਡਿਆ ਤੇ ਹੰਡਾ ਰਹੇ ਲੋਕ ਦਿਨ ਰਾਤ ਮਹਿਸੂਸ ਕਰ ਰਹੇ ਹਨ।
