ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਫੈਲਣ ਕਾਰਨ ਪੰਜਾਬ ਤੇ ਚੰਡੀਗੜ ਵਿੱਚ ਹਾਲਾਤ ਹੋਰ ਵੀ ਤੇਜ਼ੀ ਨਾਲ ਖਰਾਬ ਹੁੰਦੇ ਜਾ ਰਹੇ ਹਨ।ਤਾਜ਼ਾ ਅੰਕੜਿਆਂ ਦੇ ਮੁਤਾਬਿਕ ਸੂਬੇ ਅੰਦਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 21 ਹੋ ਗਈ ਹੈ ਤੇ 40 ਹੋਰ ਸ਼ੱਕੀ ਮਰੀਜ਼ ਸਾਹਮਣੇ ਆਏ ਨ।ਏਸੇ ਤਰ੍ਹਾ ਚੰਡੀਗੜ ‘ਚ 7 ਮਰੀਜ਼ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਤੇ 203 ਲੋਕਾਂ ਨੂੰ ਕੁਆਰੰਨਟਾਈਨ ਯਾਨੀ ਕਿ ਆਮ ਲੋਕਾਂ ਨਾਲੋਂ ਵੱਖ ਕਰ ਦਿੱਤਾ ਗਿਆ ਹੈ।ਭਾਵੇਂ ਕਿ ਸਰਕਾਰ ਵੱਲੋਂ ਹਰ ਵਰਗ ਦੇ ਲੋਕਾਂ ਨੂੰ ਸ਼ੱਕ ਪੈਣ ਤੇ ਕੁਆਰੰਨਆਈਨ ਕਰਨ ਦੀ ਕਾਰਵਾਈ ਕਰਨ ਵਿੱਚ ਕੋਈ ਭੇਦਭਾਵ ਨਹੀਂ ਕੀਤਾ ਜਾ ਰਿਹਾ ਪਰ ਏਸ ਦੇ ਬਾਵਜੂਦ ਜਿਸ ਦਿਨ ਤੋਂ ਲੋਕਾਂ ਨੂੰ ਘਰਾਂ ‘ਚ ਕੁਆਰੰਨਟਾਈਨ ਕਰਕੇ ਉਨ੍ਹਾਂ ਦੇ ਘਰਾਂ ਦੇ ਬਾਹਰ ਪ!ਸਟਰ ਚਿਪਕਾ ਦਿੱਤੇ ਗਏ ਹਨ ਕਿ 14 ਦਿਨ ਤੱਕ ਕੁਆਰੰਨਟਾਈਨ ਕੀਤੇ ਗਏ ਇਨ੍ਹਾਂ ਲੋਕਾਂ ਨਾਲ ਕੋਈ ਮੇਲ ਮਿਲਾਪ ਨਾ ਰੱਖੇ, ਉਸ ਦਿਨ ਤੋਂ ਬਾਅਦ ਕੁਆਰੰਨਟਾਈਨ ਕੀਤੇ ਗਏ ਲੋਕਾਂ ਦਾ ਜੀਣਾ ਹਰਾਮ ਹੋਇਆ ਪਿਆ ਹੈ।ਉਹ ਏਸ ਲਈ ਕਿਉਂਕਿ ਜਿਹੜੇ ਪੋਸਟਰ ਕੁਆਰੰਨਟਾਈਨ ਕੀਤੇ ਗਏ ਲੋਕਾਂ ਦੇ ਘਰਾਂ ਦੇ ਬਾਹਰ ਚਿਪਕਾਏ ਗਏ ਹਨ, ਉਨ੍ਹਾ ਪੋਸਟਰਾਂ ਦੀਆਂ ਲੋਕ ਤਸਵੀਰਾਂ ਖਿੱਚ ਕੇ ਸ਼ੋਸ਼ਲ ਮੀਡੀਆ ਤੇ ਪਾ ਰਹੇ ਹਨ।ਜਿਸ ਨੂੰ ਕੁਆਰੰਨਟਾਈਨ ਕੀਤੇ ਗਏ ਲੋਕ ਸਰਕਾਰ ਦੀ ਇਹ ਨਾਕਾਬਲੇ ਬਰਦਾਸ਼ਤ ਹਰਕਤ ਏਸ ਲਈ ਮੰਨ ਰਹੇ ਹਨ ਕਿਉਂਕਿ ਉਹ ਸਮਝਦੇ ਹਨ ਕਿ ਏਸ ਨਾਲ ਉਨ੍ਹਾਂ ਦੀ ਬੁਰੀ ਤਰ੍ਹਾਂ ਬਦਨਾਮੀ ਹੋ ਰਹੀ ਹੈ।

ਇੱਕ ਜੱਜ ਦੇ ਪਰਿਵਾਰ ਤੋਂ ਲੈ ਕੇ ਹਰਿਆਣਾ ਦੇ ਮੁੱਖਮੰਤਰੀ ਦਫਤਰ ‘ਚ ਤੈਨਾਤ ਇੱਕ ਆਈਏਐਸ ਅਧਿਕਾਰੀ ਤੇ ਇੱਕ ਪ੍ਰਸਿੱਧ ਵਕੀਲ ਤੋਂ ਲੈ ਕੇ ਚੰਡੀਗੜ ਪ੍ਰਸ਼ਾਸ਼ਨ ਵਿੱਚ ਇੱਕ ਆਈਏਐਸ ਅਧਿਕਾਰੀ ਤੱਕ ਦੇ ਲੋਕਾਂ ਨੂੰ ਇਸ ਬੀਮਾਰੀ ਕਾਰਨ ਘਰਾਂ ਵਿੱਚ ਆਮ ਲੋਕਾਂ ਨਾਲੋਂ ਵੱਖ ਕਰਕੇ ਰੱਖ ਦਿੱਤਾ ਗਿਆ ਹੈ ਤੇ ਉਨ੍ਹਾਂ ਦੇ ਘਰਾਂ ਦੇ ਬਾਹਰ ਪੋਸਟਰ ਚਿਪਕਾ ਦਿੱਤੇ ਗਏ ਹਨ।ਜਿਨ੍ਹਾਂ ਪ੍ਰਸਿੱਧ ਵਿਅਕਤੀਆਂ ਨੂੰ ਘਰਾਂ ਅੰਦਰ ਕੁਆਰੰਨਟਾਈਨ ਕੀਤਾ ਗਿਆ ਹੈ ਉਨ੍ਹਾਂ ਵਿੱਚ ਚੰਡੀਗੜ ਦੇ ਪ੍ਰਸਿੱਧ ਵਕੀਲ ਤੇ ਸ਼ਹਿਰ ਵਿੱਚ ਸਭ ਤੋਂ ਵੱਧ ਇਨਕਮ ਟੈਕਸ ਭਰਨ ਵਾਲੇ ਪੁਨੀਤ ਬਾਲੀ ਦਾ ਨਾਮ ਵੀ ਆਉਂਦਾ ਹੈ, ਜਿਨ੍ਹਾਂ ਨੂੰ ਉਸ ਵੇਲੇ ਘਰ ਵਿੱਚ ਕੁਆਰੰਨਟਾਈਨ ਕਰ ਦਿੱਤਾ ਗਿਆ, ਜਦੋਂ ਉਨ੍ਹਾਂ ਦੀ ਸਪੁੱਤਰੀ ਲੰਡਨ ਤੋਂ ਵਾਪਸ ਪਰਤੀ ਸੀ।

ਇੱਕ ਸਮਾਜ ਸੇਵਿਕਾ ਤੇ ਪ੍ਰਸਿੱਧ ਵਕੀਲ ਪੁਨੀਤ ਬਾਲੀ ਦੀ ਪਤਨੀ ਪਾਵਿਲਾ ਬਾਲੀ ਕਹਿੰਦੇ ਹਨ ਕਿ ਕੀ ਤੁਸੀਂ ਇਹ ਸੋਚ ਸਕਦੇ ਓ ਕਿ ਲੋਕ ਸਾਡੇ ਨਾਲ ਕਿਹੋ ਜਿਹਾ ਵਿਹਾਰ ਕਰ ਰਹੇ ਹਨ ? ਦੁੱਧ ਵਾਲਾ ਸਾਡੇ ਘਰ ਏਸ ਲਈ ਦੁੱਧ ਪਾਣੋਂ ਇਨਕਾਰੀ ਹੋ ਗਿਆ ਕਿਉਂਕਿ ਉਹ ਕਹਿੰਦਾ ਕਿ ਸਾਡਾ ਘਰ ਕੋਰੋਨਾ ਤੋਂ ਪ੍ਰਭਾਵਿਤ ਹੋ ਗਿਆ।ਪਾਵਿਲਾ ਬਾਲੀ ਅਨੁਸਾਰ ਉਨ੍ਹਾਂ ਨੇ ਦੁੱਧ ਵਾਲੇ ਨੂੰ ਸਮਝਾਇਆ ਕਿ ਅਸੀਂ ਆਪਣੇ ਆਪ ਨੂੰ ਇਹਤਿਆਤਨ ਖੁਦ ਲੋਕਾਂ ਨਾਲੋਂ ਵੱਖ ਯਾਨੀ ਕਿ ਕੁਆਰੰਨਟਾਈਨ ਕੀਤਾ ਹੋਇਆ ਪਰ ਲੋਕ ਸਾਡੇ ਘਰ ਦੇ ਬਾਹਰ ਲੱਗੇ ਪ!ਸਟਰ ਦੀਆਂ ਫੋਟੋਆਂ ਖਿੱਚ ਕੇ ਉਨ੍ਹਾਂ ਨੂੰ ਵਟਸਐਪ ਉੱਤੇ ਤੇਜ਼ੀ ਨਾਲ ਘੁਮਾ ਰਹੇ ਹਨ, ਇੱਥੋਂ ਤੱਕ ਕਿ ਕੁਆਰੰਨਟਾਈਨ ਕੀਤੇ ਗਏ ਲੋਕਾਂ ਦੇ ਘਰਾਂ ਅੰਦਰ ਕੰਮ ਕਰਨ ਵਾਲੀਆਂ ਔਰਤਾਂ ਨੂੰ ਵੀ ਦੁਜੇ ਘਰਾਂ ਦੀਆਂ ਮਾਲਕਣਾਂ ਏਸ ਲਈ ਹਟਾਉਣ ਦੀ ਧਮਕੀ ਦਿੰਦੀਆਂ ਹਨ ਕਿਉਂਕਿ ਉਹ ਕੰਮ ਵਾਲੀਆਂ ਕੁਆਰੰਨਟਾਈਨ ਕੀਤੇ ਗਏ ਲੋਕਾਂ ਦੇ ਘਰਾਂ ‘ਚ ਵੀ ਕੰਮ ਕਰਦੀਆਂ ਹਨ।

ਕੁਆਰੰਟਾਈਨ ਕੀਤੇ ਗਏ ਇਹ ਵੀਆਈਪੀ ਲੋਕ ਕਹਿੰਦੇ ਹਨ ਕਿ ਅਜਿਹੇ ਸਮੇਂ ਬਜਾਏ ਸਾਡੇ ਨਾਲ ਖੜੇ ਹੋਣ ਦੇ ਲੋਕੀ ਸਾਡਾ ਮਜ਼ਾਕ ਉਡਾ ਰਹੇ ਹਨ।ਇਹ ਲੋਕ ਕਹਿੰਦੇ ਹਨ ਕਿ ਭਾਵੇਂ ਲੋਕ ਸਾਡੇ ਘਰਾਂ ਵਿੱਚ ਸਮਾਨ ਸਪਲਾਈ ਕਰਨਾ ਬੰਦ ਕਰ ਗਏ ਹਨ ਪਰ ਇਸ ਦੇ ਬਾਵਜੂਦ ਅਸੀਂ ਫੇਰ ਵੀ ਕਿਸੇ ਨਾ ਕਿਸੇ ਤਰੀਕੇ ਗੁਜ਼ਾਰਾ ਕਰ ਲਵਾਂਗੇ ਕਿਉਂਕਿ ਸਾਡੇ ਕੋਲ ਰਾਸ਼ਨ ਭੰਡਾਰ ਹੈ ਪਰ ਉਨ੍ਹਾਂ ਲੋਕਾਂ ਦਾ ਕੀ ਜਿਨ੍ਹਾਂ ਕੋਲ ਕੋਈ ਸਾਧਨ ਹੀ ਨਹੀਂ ਹਨ।

ਕੁਆਰੰਨਟਾਈਨ ਕੀਤੇ ਗਏ ਇੱਕ ਆਈਐਸ ਅਫਸਰ ਖੁਲਾਸਾ ਕਰਦੇ ਹਨ ਕਿ ਕੀ ਤੁਸੀਂ ਅੰਦਾਜ਼ਾ ਲਾ ਸਕਦੇ ਓ ਕਿ ਕੁਆਰੰਨਟਾਈਨ ਕੀਤੇ ਗਏ ਇੱਕ ਡਰਾਈਵਰ ਨਾਲ ਲੋਕ ਕਿਹੋ ਜਿਹਾ ਵਿਹਾਰ ਕਰ ਰਹੇ ਹਨ।ਇਸ ਦੌਰਾਨ ਐਡਵੋਕੇਟ ਬਾਲੀ ਦੇ ਪਰਿਵਾਰ ਵੱਲੋਂ ਚਲਾਈ ਗਈ ਮੁਹਿੰਮ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਨੂੰ ਸ਼ਰਮ ਦਾ ਕਾਰਨ ਬਣਾਉਣਾ ਬੰਦ ਕਰੋ।ਉਹ ਕਹਿੰਦੇ ਹਨ ਕਿ ਜੇਕਰ ਬਾਹਰੋਂ ਆਏ ਸਾਰੇ ਲੋਕਾਂ ਨੂੰ ਕੁਆਰੰਨਟਾਈਨ ਕੀਤਾ ਹੋਇਐ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਲੋਕ ਕੋਰੋਨਾ ਤੋਂ ਪ੍ਰਭਾਵਿਤ ਹਨ ਬਲਕਿ ਇਸ ਦਾ ਮਤਲਬ ਇਹ ਹੈ ਕਿ ਉਹ ਲੋਕ ਜਿ਼ੰਮੇਵਾਰ ਸ਼ਹਿਰੀ ਹਨ।ਲਿਹਾਜ਼ਾ ਭਾਜੜ ਮਚਾਉਣੀ ਬੰਦ ਕਰੋ ਤੇ ਭੇਦਭਾਵ ਦੀ ਥਾਂ ਸਦਭਾਵਨਾ ਬਣਾਓ।

ਹਰਿਆਣਾ ਦੇ ਮੁੱਖਮੰਤਰੀ ਮਨੋਹਰ ਲਾਲ ਖੱਟਰ ਦੇ ਪ੍ਰਿੰਸੀਪਲ ਸਕੱਤਰ ਰਾਜੇਸ਼ ਖੁੱਲਰ ਨੂੰ ਵੀ ਉਨ੍ਹਾਂ ਦੇ ਚੰਡੀਗੜ ਸਥਿਤ ਸੈਕਟਰ 16 ਵਿੱਚ ਕੁਆਰੰਨਟਾਈਨ ਕਰਕੇ ਪ!ਸਟਰ ਵੀ ਚਿਪਕਾ ਦਿੱਤਾ ਗਿਆ ਹੈ।ਏਸ ਤੋਂ ਇਲਾਵਾ ਚੰਡੀਗੜ ਦੇ ਸੈਕਟਰ 4 ਸਥਿਤ ਇੱਕ ਜੱਜ ਦੇ ਪਰਿਵਾਰ ਨੂੰ, ਤੇ ਇੱਕ ਨਾਮਵਰ ਆਰਕੀਟੈਕਟ ਲਖਵੀਰ ਸਿੰਘ ਨੂੰ ਉਨ੍ਹਾਂ ਦੇ ਸੈਕਟਰ 21 ਵਿੱਚ ਘਰ ਨੂੰ ਪਰਿਵਾਰ ਸਮੇਤ ਪ੍ਰਸ਼ਾਸ਼ਨ ਨੇ ਕੁਆਰੰਨਟਾਈਨ ਕਰਕੇ ਰੱਖਿਆ ਹੋਇਆ ਹੈ।ਇੰਝ ਹੀ ਚੰਡੀਗੜ ਦੇ ਗ੍ਰਹਿ ਸਕੱਤਰ ਜਿਹੜੇ ਕਿ ਹੈਲਥ ਸਕੱਤਰ ਵੀ ਹਨ ਸ਼੍ਰੀ ਅਰੁਣ ਗੁਪਤਾ ਵੀ ਉਸ ਵੇਲੇ ਘਰ ਵਿੱਚ ਪਰਿਵਾਰ ਸਮੇਤ ਕੁਆਰੰਨਟਾਈਨ ਕਰ ਦਿੱਤੇ ਗਏ ਜਦੋਂ ਉਨ੍ਹਾਂ ਦੀ ਬੇਟੀ ਅਮਰੀਕਾ ਤੋਂ ਵਾਪਸ ਪਰਤੀ ਸੀ।ਇੰਗਲੈਂਡ ਤੋ਼ ਪਰਤੇ ਇੱਕ ਸੀਨੀਅਰ ਡਾਕਟਰ ਦੇ ਪਰਿਵਾਰ ਨੂੰ ਵੀ ਪਰਿਵਾਰ ਸਮੇਤ ਕੁਆਰੰਨਟਾਈਨ ਕਰ ਦਿੱਤਾ ਗਿਆ ਸੀ।ਚੰਡੀਗੜ ਸਮਾਰਟ ਸਿਟੀ ਲਿਮਟਿਡ ਦੇ ਚੀਫ ਜਰਨਲ ਮੈਨੇਜਰ ਐਨਪੀ ਸ਼ਰਮਾ ਦੇ ਪੁੱਤਰ ਨੂੰ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਪੂਰੇ ਪਰਿਵਾਰ ਸਮੇਤ ਸੈਕਟਰ 19 ਸਥਿਤ ਉਨ੍ਹਾਂ ਦੇ ਘਰ ਵਿੱਚ ਕੁਆਰੰਨਟਾਈਨ ਕਰ ਦਿੱਤਾ ਗਿਆ ਜਿੱਥੇ ਕਿ ਉਨ੍ਹਾਂ ਦਾ ਮਾਲੀ ਅਤੇ ਨੌਕਰ ਵੀ ਉਨ੍ਹਾਂ ਨਾਲ ਹੀ ਕੁਆਰੰਨਟਾਈਨ ਹਨ।
ਗੱਲ ਜੇਕਰ ਇੱਥੇ ਹੀ ਮੁੱਕ ਜਾਂਦੀ ਤਾਂ ਸ਼ਾਇਦ ਇਹ ਹੋਰਾਂ ਲਈ ਚਿੰਤਾ ਦਾ ਕਾਰਨ ਨਾ ਬਣਦੀ ਪਰ ਐਨਪੀ ਸ਼ਰਮਾ ਦੇ ਸੰਪਰਕ ਵਿੱਚ ਆਏ ਅਧਿਕਾਰੀ ਹੁਣ ਇਸ ਚਿੰਤਾ ਵਿੱਚ ਹਨ ਕਿ ਉਹ ਸ਼ਰਮਾ ਨਾਲ ਸੰਪਰਕ ਵਿੱਚ ਸਨ ਤੇ ਅਧਿਕਾਰੀਆਂ ਨੇ ਗਵਰਨਰ ਨਾਲ ਵੀ ਮੀਟਿੰਗ ਕੀਤੀ ਸੀ।ਇਹ ਅਧਿਕਾਰੀ ਐਨਪੀ ਸ਼ਰਮਾ ਦੇ ਕੋਰੋਨਾ ਦੀ ਰਿਪੋਰਟ ਆਉਣ ਦਾ ਇੰਤਜ਼ਾਰ ਕਰ ਰਹੇ ਹਨ।

ਉੱਧਰ ਦੂਜੇ ਪਾਸੇ ਚੰਡੀਗੜ ਦੇ ਪ੍ਰਸ਼ਾਸ਼ਨ ਅਧਿਕਾਰੀਆਂ ਦਾ ਕਹਿਣਾਂ ਹੈ ਕਿ ਲੋਕਾਂ ਦੇ ਘਰ ਦੇ ਬਾਹਰ ਏਸ ਲਈ ਪੋਸਟਰ ਲਾਏ ਗਏ ਤਾਂ ਕਿ ਲੋਕ ਉਨਾਂ ਨਾਲ ਸੰਪਰਕ ਕਰਨ ਤੋਂ ਪਰਹੇਜ਼ ਕਰਨ ਤੇ ਇਹ ਸਭ ਜਾਗਰੂਕਤਾ ਪੈਦਾ ਕਰਨ ਲਈ ਕੀਤਾ ਗਿਆ ਹੈ ਕਿਉਂਕਿ ਉਹ ਚਾਹੁੰਦੇ ਹਨ ਕਿ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਆਉਣ ਵਾਲੇ 14 ਦਿਨਾਂ ਤੱਕ ਇਨ੍ਹਾਂ ਪਰਿਵਾਰਾਂ ਤੋਂ ਦੂਰੀ ਬਣਾ ਕੇ ਰੱਖਣੀ ਹੈ ਤੇ ਇੰਝ ਇਸ ਵਾਇਰਸ ਨੂੰ ਅੱਗੇ ਸਮਾਜ ਵਿੱਚ ਫੈਲਣ ਤੋਂ ਰੋਕਣ ਵਿੱਚ ਮਦਦ ਮਿਲੇਗੀ।
