ਫ਼ਿਰੋਜ਼ਪੁਰ ; ਪੁੱਤਰ ਦੀ ਮੌਤ ਤੋਂ ਬਾਅਦ ਨੂੰਹ ਵੱਲੋਂ ਘਰੋਂ ਕੱਢੇ ਇੱਕ ਬਜ਼ੁਰਗ ਜੋੜੇ ਲਈ ਇੱਥੋਂ ਦੇ ਡੀਸੀ ਚੰਦਰ ਗੈਂਦ ਰੱਬ ਬਣਕੇ ਬਹੁੜੇ ਹਨ l ਘਟਨਾ ਜ਼ਿਲੇ ਦੇ ਪਿੰਡ ਚਾਂਬ ਦੀ ਹੈ, ਜਿੱਥੋਂ ਦੇ ਵਸਨੀਕ ਬਜ਼ੁਰਗ ਸਲਵਿੰਦਰ ਸਿੰਘ ਤੇ ਉਨ੍ਹਾਂ ਦੀ ਪਤਨੀ ਮਹਿੰਦਰ ਕੌਰ ਨੇ ਏਸ ਸੰਬੰਧ ਵਿੱਚ ਸੀਨੀਅਰ ਸੀਟੀਜ਼ਨ ਨੂੰ ਮੈਟੀਨੈਂਸ ਐਕਟ 2007 ਤਹਿਤ ਡੀਸੀ ਫ਼ਿਰੋਜ਼ਪੁਰ ਦੀ ਅਦਾਲਤ ਵਿੱਚ ਇੱਕ ਅਰਜ਼ੀ ਪਾਈ ਸੀ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਨੂੰਹ ਨਾ ਸਿਰਫ਼ ਉਨ੍ਹਾਂ ਨੂੰ ਕੁੱਟਦੀ ਮਾਰਦੀ ਸੀ, ਬਲਕਿ ਹੁਣ ਹਾਲਾਤ ਇੱਥੋਂ ਤੱਕ ਪਹੁੰਚ ਗਏ ਹਨ, ਕਿ ਉਸ ਜ਼ਾਲਮ ਨੇ ਇਸ 80 ਸਾਲ ਦੇ ਬਜ਼ੁਰਗ ਜੋੜੇ ਨੂੰ ਉਨ੍ਹਾਂ ਦੇ ਆਪਣੇ ਘਰੋਂ ਹੀ ਬਾਹਰ ਕੱਢ ਦਿੱਤਾ ਹੈ l ਬਜ਼ੁਰਗ ਜੋੜੇ ਦੀ ਇਸ ਪੁਕਾਰ ਅੰਦਰ ਇਨ੍ਹਾਂ ਦਰਦ ਸੀ ਕਿ ਡੀਸੀ ਵਰਗੇ ਵੱਡੇ ਅਹੁਦੇ ਤੇ ਬੈਠੇ ਹੋਏ ਚੰਦਰ ਗੈਂਦ ਨੂੰ ਵੀ ਉਨ੍ਹਾਂ ਦੀ ਪੁਕਾਰ ਅੰਦਰ ਤੱਕ ਹਿਲਾ ਕੇ ਰੱਖ ਗਈ ਤੇ ਫੇਰ ਉਹ ਹੋਇਆ ਜਿਸ ਨੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਦੁਨੀਆਂ ਵਿੱਚ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਹੈ.ਯਾਨੀ ਜ਼ਿਲੇ ਦਾ ਮਾਲਿਕ ਡੀਸੀ ਆਪ ਖੁਦ ਚੱਲ ਕੇ ਉਸ ਬਜ਼ੁਰਗ ਜੋੜੇ ਦੇ ਘਰ ਪਹੁੰਚਿਆ ਤੇ ਉਨ੍ਹਾਂ ਨੂੰ ਨਾ ਸਿਰਫ਼ ਘਰ ਦਾ ਕਬਜ਼ਾ ਦਵਾਇਆ, ਬਲਕਿ ਇਲਾਕੇ ਚੋਂ ਜਾਂਦੇ ਜਾਂਦੇ ਉਹ ਇਲਾਕੇ ਦੇ ਡੀਐਸਪੀ ਅਤੇ ਐਸਐਚਓ ਨੂੰ ਹੁਕਮ ਦੇ ਗਏ ਕਿ ਧਿਆਨ ਰੱਖਿਓ ਇਨ੍ਹਾਂ ਬਜ਼ੁਰਗਾਂ ਨੂੰ ਕੋਈ ਘਰੋਂ ਕੱਢੇ ਨਾ, ਇਨ੍ਹਾਂ ਦਾ ਪੁੱਤਰ ਮੈਂ ਹਾਂ l

ਏਸ ਸੰਬੰਧ ਵਿੱਚ ਡੀਸੀ ਚੰਦਰ ਗੈਂਦ ਨੇ ਦੱਸਿਆ ਕਿ ਇਹ ਬਜ਼ੁਰਗ ਜੋੜਾ ਪਿਛਲੇ ਤਿੰਨ ਚਾਰ ਮਹੀਨਿਆਂ ਤੋਂ ਇਨਸਾਫ਼ ਲਈ ਉਨ੍ਹਾਂ ਦੀ ਅਦਾਲਤ ਵਿੱਚ ਪਹੁੰਚ ਕਰ ਰਿਹਾ ਸੀ, ਤੇ ਇਨ੍ਹਾਂ ਦੀ ਸ਼ਿਕਾਇਤ ਸੀ ਕਿ ਨਾ ਸਿਰਫ਼ ਇਨ੍ਹਾਂ ਦੀ ਨੂੰਹ ਇਨ੍ਹਾਂ ਨੂੰ ਮਾਰਦੀ ਕੁੱਟਦੀ ਐ, ਬਲਕਿ ਨਾ ਆਪਣੀ ਜ਼ਮੀਨ ਤੇ ਖੇਤੀ ਕਰਨ ਦਿੰਦੀ ਹੈ ਤੇ ਨਾ ਹੀ ਘਰ ‘ਚ ਰਹਿਣ ਦਿੰਦੀ ਹੈ l ਡੀਸੀ ਅਨੁਸਾਰ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਸਾਰੇ ਕਾਨੂੰਨੀ ਪੱਖ ਵਿਚਾਰਨ ਤੋਂ ਬਾਅਦ ਉਨ੍ਹਾਂ ਨੇ ਫ਼ੈਸਲਾ ਬਜ਼ੁਰਗ ਜੋੜੇ ਦੇ ਹੱਕ ‘ਚ ਸੁਣਾਦਿਆਂ ਜ਼ਮੀਨ ਤੇ ਘਰ ਦਾ ਕਬਜ਼ਾ ਉਨ੍ਹਾਂ ਨੂੰ ਦਿਵਾਉਣ ਦੇ ਹੁਕਮ ਦਿੱਤੇ ਸਨ ਤੇ ਇਹ ਹੁਕਮ ਤੁਰੰਤ ਲਾਗੂ ਵੀ ਕਰਵਾ ਦਿੱਤੇ ਗਏ ਸਨ l ਪਰ ਇਸ ਦੌਰਾਨ ਉਨ੍ਹਾਂ ਦੀ ਨੂੰਹ ਹਾਈਕੋਰਟ ਜਾ ਵੱਜੀ l ਜਿੱਥੋਂ ਅਦਾਲਤੀ ਹੁਕਮਾਂ ਨਾਲ ਨੂੰਹ ਨੂੰ ਘਰ ਵਿੱਚ ਦੋ ਕਮਰੇ ਦਿੱਤੇ ਜਾਣ ਦਾ ਹੁਕਮ ਦਿੱਤਾ ਗਿਆ ਸੀ l ਪਰ ਡੀਸੀ ਅਨੁਸਾਰ ਉਨ੍ਹਾਂ ਨੂੰ ਇਹ ਜਾਣ ਕੇ ਅੰਤਾਂ ਦੀ ਹੈਰਾਨੀ ਹੋਈ ਕਿ ਨੂੰਹ ਨੇ ਇਸ ਬਜ਼ੁਰਗ ਜੋੜੇ ਨੂੰ ਇੱਕ ਵਾਰ ਫੇਰ ਘਰੋਂ ਕੱਢ ਦਿੱਤਾ ਸੀ, ਜਦੋਂ ਇਹ ਜੋੜਾ ਇੱਕ ਵਾਰ ਫੇਰ ਉਨ੍ਹਾਂ ਕੋਲ ਪੇਸ਼ ਹੋਇਆ ਤਾਂ ਅੱਜ ਉਹ ਆਪ ਚਾਂਬ ਪਿੰਡ ਪਹੁੰਚੇ ਨੇ l ਜਿੱਥੇ ਅਦਾਲਤੀ ਹੁਕਮਾਂ ਅਨੁਸਾਰ ਦੋ ਕਮਰੇ ਦਿਵਾਉਣ ਤੋਂ ਬਾਅਦ ਬਾਕੀ ਦਾ ਕਬਜ਼ਾ ਬਜ਼ੁਰਗ ਜੋੜੇ ਨੂੰ ਦੇ ਦਿੱਤਾ ਗਿਆ ਹੈ l
ਏਸ ਮੌਕੇ ਜਦੋਂ ਡੀਸੀ ਨੇ ਸਾਰਿਆਂ ਦੇ ਸਾਹਮਣੇ ਉਨ੍ਹਾਂ ਬਜ਼ੁਰਗਾਂ ਨੂੰ ਇਹ ਕਿਹਾ ਕਿ ਬੇਫ਼ਿਕਰ ਰਹੋ ਬਜ਼ੁਰਗੋ ਅੱਜ ਤੋਂ ਬਾਅਦ ਮੈਂ ਤੁਹਾਡਾ ਪੁੱਤਰ ਹਾਂ,ਜੇ ਕੋਈ ਤੰਗ ਕਰਦਾ ਤਾਂ ਮੈਨੂੰ ਦੱਸੋ l ਇਹ ਉਹ ਭਾਵੁਕ ਅੱਖਰ ਸਨ ਕਿ ਮੌਕੇ ਤੇ ਸੁਣਨ ਵਾਲੇ ਸਾਰੇ ਲੋਕਾਂ ਦੀਆਂ ਅੱਖਾਂ ਗਿਲੀਆਂ ਹੋ ਗਈਆਂ l ਮੌਕੇ ਤੇ ਹੀ ਡੀਸੀ ਨੇ ਥਾਣਾ ਮੱਖੂ ਦੇ ਐਸਐਚਓ ਬਚਨ ਸਿੰਘ ਤੇ ਡੀਐਸਪੀ ਰਾਜਵਿੰਦਰ ਸਿੰਘ ਨੂੰ ਹੁਕਮ ਦਿੱਤੇ ਕਿ ਹੁਣ ਇਸ ਬਜ਼ੁਰਗ ਜੋੜੇ ਨੂੰ ਵਸਾਉਣਾ ਤੁਹਾਡੀ ਡਿਊਟੀ ਹੈ,ਤੇ ਪੰਚਾਇਤ ਨੂੰ ਕਿਹਾ ਕਿ ਦੋਵਾਂ ਪੱਖਾਂ ਨੂੰ ਬਿਠਾ ਕੇ ਆਪਸ ਵਿੱਚ ਸਮਝੌਤਾ ਕਰ ਦਿਓ l
