ਚੰਡੀਗੜ੍ਹ : ਲੰਘੀ ਕੱਲ੍ਹ ਪੰਜਾਬ ਭਵਨ ਵਿਖੇ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਅੰਦਰ ਮੰਤਰੀਆਂ ਤੇ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਿਚਕਾਰ, ਤਲਖ਼ ਕਲਾਮੀ ਦੀਆਂ ਖ਼ਬਰਾਂ ਬਾਹਰ ਆਉਣ ਤੋਂ ਬਾਅਦ ਇਹ ਮਾਮਲਾ ਪਲ ਪਲ ਹੋਰ ਭਾਖਦਾ ਜਾ ਰਿਹਾ ਹੈ। ਸੂਤਰਾਂ ਅਨੁਸਾਰ ਜਿੱਥੇ ਪੰਜਾਬ ਦੇ ਮੰਤਰੀ ਹੁਣ ਅਫਸਰਸ਼ਾਹੀ ਵਿਰੁੱਧ ਭਖੀ ਇਸ ਗੱਲ ਨੂੰ ਠੰਡਾ ਨਹੀਂ ਪੈਣ ਦੇਣਾ ਚਾਹੁੰਦੇ, ਉੱਥੇ ਦੂਜੇ ਪਾਸੇ ਪੰਜਾਬ ਤੋਂ ਕਾਂਗਰਸ ਪਾਰਟੀ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਮੁਖ ਸਕੱਤਰ ਨੂੰ ਅਹੁਦੇ ਤੋਂ ਹਟਾਏ ਜਾਣ ਦੀ ਮੰਗ ਕਰਦਿਆਂ ਇਥੋਂ ਤੱਕ ਕਹਿ ਦਿੱਤਾ ਹੈ ਕਿ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਮੁਖ ਮੰਤਰੀ ਆਪਣੇ ਵਜ਼ੀਰਾਂ ਨਾਲ ਖੜ੍ਹਦੇ ਹਨ ਜਾ ਫਿਰ ਅਫਸਰਸ਼ਾਹੀ ਨਾਲ।
ਸੂਤਰਾਂ ਤੇ ਕੁਝ ਮੀਡੀਆ ਦੇ ਹਵਾਲੇ ਨਾਲ ਬਾਹਰ ਨਿਕਲ ਕੇ ਆ ਰਹੀਆਂ ਖ਼ਬਰਾਂ ਅਨੁਸਾਰ ਹੁਣ ਸੂਬੇ ਦੇ ਮੰਤਰੀ ਅਫਸਰਸ਼ਾਹੀ ਨੂੰ ਆਪਣੇ ਉੱਤੇ ਹੋਰ ਹਾਵੀ ਨਹੀਂ ਹੋਣ ਦੇਣਾ ਚਾਹੁੰਦੀ ਕਿਉਂਕਿ ਆਉਣ ਵਾਲਿਆਂ ਵਿਧਾਨ ਸਭ ਚੋਣਾਂ ਦੌਰਾਨ ਇਹ ਸਭ ਉਨ੍ਹਾਂ ਨੂੰ ਔਖਾ ਕਰੇ। ਲਿਹਾਜਾ ਚਰਨਜੀਤ ਚੰਨੀ, ਮਨਪ੍ਰੀਤ ਬਾਦਲ ਤੇ ਸੁਖਜਿੰਦਰ ਸਿੰਘ ਰੰਧਾਵਾ ਤੇ ਮੁੱਖ ਸਕੱਤਰ ਦਰਮਿਆਨ ਹੋਈ ਗਰਮਾਗਰਮੀ ਨੇ ਇਨ੍ਹਾਂ ਸਾਰਿਆਂ ਨੂੰ ਇਸਦੇ ਖਿਲਾਫ ਇਕੱਠਿਆਂ ਹੋਣ ਵੱਲ ਤੋਰ ਦਿੱਤਾ ਹੈ।
ਉਧਰ ਕਿਹਾ ਇਹ ਵੀ ਜਾ ਰਿਹਾ ਹੈ ਕਿ ਮੁਖ ਮੰਤਰੀ ਦੇ ਚਹੇਤੇ ਮੰਨੇ ਜਾਂਦੇ ਅਧਿਕਾਰੀ ਤੇ ਮੰਤਰੀਆਂ ਦੇ ਧੜੇ ਦਰਮਿਆਨ ਉੱਠੇ ਰੇੜਕੇ ਨੂੰ ਕੈਪਟਨ ਅਮਰਿੰਦਰ ਸਿੰਘ ਆਪ ਨਜਿੱਠ ਲੈਣਗੇ। ਚਰਚਾ ਤਾਂ ਇਹ ਵੀ ਛਿੜੀ ਹੋਈ ਹੈ ਕਿ ਆਬਕਾਰੀ ਨੀਤੀ ਵਿਚ ਸੋਧ ਵਾਲੀ ਮੀਟਿੰਗ ਅੰਦਰ ਹੋਇਆ ਵਿਵਾਦ ਤਾਂ ਇੱਕ ਬਹਾਨਾ ਹੈ। ਵਜ਼ੀਰਾਂ ਦਾ ਇੱਕ ਧੜਾ ਤਾਂ ਇਸ ਸਭ ਤੋਂ ਪਹਿਲਾਂ ਹੀ ਖ਼ਫ਼ਾ ਸੀ ਕਿਉਂਕਿ ਜਦੋਂ ਤੋਂ ਸਰਕਾਰ ਬਣੀ ਹੈ ਕੀ ਆਪਣੇ ਤੇ ਕੀ ਬਗਾਨੇ ਸਾਰਿਆਂ ਵਿੱਚ ਇਹੋ ਚਰਚਾ ਹੈ ਕਿ ਸਰਕਾਰ ਕਾਂਗਰਸ ਪਾਰਟੀ ਨਹੀਂ ਬਲਕਿ ਕੁਝ ਖਾਸ ਅਧਿਕਾਰੀ ਚਲਾ ਰਹੇ ਨੇ। ਸੂਤਰਾਂ ਅਨੁਸਾਰ ਬਹੁਤੇ ਮੰਤਰੀ ਅੰਦਰੋਂ ਅੰਦਰਿ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਹਟਾਉਣ ਦੀ ਮੰਗ ਕਰਨ ਲੱਗ ਪੈ ਹਨ। ਇਸਦਾ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿਉਂਕਿ ਆਉਣ ਵਾਲੀ 31 ਅਗਸਤ ਨੂੰ ਕਰਨ ਅਵਤਾਰ ਸਿੰਘ ਸੇਵਾ ਮੁਕਤ ਹੋਣ ਜਾ ਰਹੇ ਹਨ। ਲਿਹਾਜਾ ਜਿਹੜੇ ਵਜ਼ੀਰ ਮੁੱਖ ਸਕੱਤਰ ਨਾਲ ਨਾਰਾਜ਼ ਹਨ ਉਹ ਹੁਣੇ ਤੋਂ ਇਸ ਲਈ ਮੁਖਾਲਫਤ ਕਰਨੀ ਸ਼ੁਰੂ ਹੋ ਗਏ ਹਨ ਕਿ ਮੁਖ ਮੰਤਰੀ ਕਰਨ ਅਵਤਾਰ ਸਿੰਘ ਨੂੰ ਮੁੜ ਮੁਖ ਸਕੱਤਰ ਨਾ ਥਾਪ ਦੇਣ। ਜਿਸ ਦੀ ਬਹੁਤ ਸੰਭਾਵਨਾ ਵੀ ਜਤਾਈ ਜਾ ਰਹੀ ਹੈ ਤੇ ਚਰਚਾ ਹੈ ਕਿ ਮੁੱਖ ਮੰਤਰੀ ਕਰਨ ਅਵਤਾਰ ਸਿੰਘ ਨੂੰ ਗਲਤੀ ਮੰਨਣ ਲਈ ਕਹਿ ਦੇਣ ਤੇ ਨਾਰਾਜ਼ ਮੰਤਰੀਆਂ ਨੂੰ ਵੀ ਆਪਣੇ ਢੰਗ ਨਾਲ ਸ਼ਾਂਤ ਕਰ ਲੈਣਗੇ।
ਇਸਦੇ ਉਲਟ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਆਪਣੇ ਵਜ਼ੀਰਾਂ ਦੇ ਨਾਲ ਖੜ੍ਹੇ ਨਜ਼ਰ ਆਉਂਦੇ ਹਨ। ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਅਧਿਕਾਰ ਅੱਖੜ ਰਵਈਆ ਅਪਣਾਈ ਬੈਠੇ ਹਨ ਉਨ੍ਹਾਂ ‘ਤੇ ਸਖਤੀ ਕਰਨ ਦੀ ਲੋੜ ਹੈ ਕਿਉਂਕਿ ਅਫਸਰਸ਼ਾਹੀ ਦਾ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਪ੍ਰਤੀ ਮਾੜਾ ਵਿਹਾਰ ਕਿਸੇ ਸੂਰਤ ਵਿੱਚ ਵੀ ਸਹਿਣ ਨਹੀਂ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਉਹ ਇਹ ਗੱਲਪਹਿਲੀ ਵਾਰ ਨਹੀਂ ਬਲਕਿ ਪਹਿਲਾਂ ਵੀ ਕੀ ਵਾਰ ਕਹਿ ਚੁਕੇ ਹਨ ਪਰ ਹੁਣ ਤਾਂ ਅਧਿਕਾਰੀਆਂ ਨੂੰ ਆਪਣਾ ਰਵਈਆ ਲੋਕ ਨੁਮਾਇੰਦਿਆਂ ਪ੍ਰਤੀ ਸਹੀ ਕਰਨਾ ਹੀ ਹੋਵੇਗਾ। ਸੁਨੀਲ ਜਾਖੜ ਨੇ ਆਸ ਪ੍ਰਗਟ ਕੀਤੀ ਕਿ ਲੰਘੇ ਕੱਲ੍ਹ ਮੀਟਿੰਗ ਚ ਘਟੀ ਘਟਨਾ ਦਾ ਮੁੱਖ ਮੰਤਰੀ ਆਪ ਹੀ ਕੋਈ ਸਹੀ ਹੱਲ ਕੱਢ ਲੈਣਗੇ। ਇਸ ਤੋਂ ਇਲਾਵਾ ਪੰਜਾਬ ਦੇ ਸਹਿਕਾਰਤਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਇਸ ਮਸਲੇ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਚੁੱਕਣ ਦੀ ਗੱਲ ਕਹਿ ਹੈ। ਪੰਜਾਬ ਦੇ ਜਿਹੜੇ ਹੋਰ ਆਗੂ ਇਸ ਸਾਰੇ ਵਰਤਾਰੇ ਤੋਂ ਦੁਖੀ ਨਜ਼ਰ ਆਏ ਉਨ੍ਹਾਂ ਵਿੱਚ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਮੋਗਾ ਦੇ ਵਿਧਾਇਕ ਹਰਜੋਤ ਕਮਲ ਦੇ ਨਾਮ ਵੀ ਸ਼ਾਮਲ ਹਨ।
